Thursday, August 20, 2020

PREMJEET SINGH NAINEWALIA 2

 Premjeet Singh Nainewalia

ਵੇਲੇ ਚੰਗੇ ਸੀ, ਗੱਭਰੂ ਖੁਰਾਕਾਂ ਖਾਕੇ ਡੰਡ ਮਾਰਦੇ ਜਾਂ ਖੇਤੀ ਬੰਨੇ ਜਾਂਦੇ, ਜੋਧਾ,
ਘੀਚਰ ਤੇ ਗੁੱਲੇ ਦੀ ਤਿੱਕੜੀ ਪਿੰਡਾਂ ਚ ਮਸ਼ੂਰ ਸੀ, ਓਦੋਂ ਚੋਰ ਡਾਕੂ ਆਉੰਦੇ,
ਏਹਨਾਂ ਨੇ ਸੰਦ ਘੀਚਰ ਆਲੀ ਮੋਟਰ ਤੇ ਲਕੋਏ ਹੁੰਦੇ, ਪੱਕੀ ਠਾਹਰ ਸੀ
ਘੀਚਰ ਦੀ ਮੋਟਰ, ਕਿਸੇ ਮੇਲੇ ਜਾਣਾ ਤਾਂ ਓਥੋਂ ਘਰ ਦੀ ਦਾ ਹਾਅੜਾ ਲਾਲੇ
ਜਾਣਾ, ਆਕੇ ਫੇਰ ਆਥਣੇ ਮੋਟਰ ਤੇ, ਰਾਤ ਦੇ ਪਿਛਲੇ ਪਹਿਰ ਤੀਕ ਹੀਰ
ਦੀਆਂ ਕਲੀਆਂ ਗੂੰਜਦੀਆਂ, ਟਿਕੀ ਰਾਤ ਚ ਦੋ ਪਿੰਡਾਂ ਦੀ ਜੂਹ ਨੂੰ ਹੇਕ
ਸਲਾਮ ਕਰਕੇ ਮੁੜਦੀ, ਜੋਧਾ ਤੂੰਬੀ ਸੋਹਣਿ ਵਜਾਉੰਦਾ, ਓਹਨੇ ਪੱਕੇ ਸੁੱਕੇ
ਕੱਦੂ ਚ ਦੀ ਡੰਡਾ ਲੰਘਾ ਕੇ ਤਾਰ ਬੰਨ ਤੂੰਬੀ ਬਣਾਈ ਹੁੰਦੀ,
ਓਹਨਾਂ ਨੇ ਮੋਟਰ ਦੀ ਕੰਧ ਖੁਰਚਕੇ ਲਿਖ ਛੱਡਿਆ ਸੀ
"ਜੋਧਾ ਘੀਚਰ ਗੁੱਲਾ"
ਘੀਚਰ ਦੀ ਮੋਟਰ ਤਿੱਕੜੀ ਅੰਗੂ ਏਰੀਏ ਚ ਮਸ਼ਾਹੂਰ ਸੂੀ,
ਕਿਸੇ ਵੱਡੇ ਸ਼ਾਹੂਕਾਰ ਜਾਂ ਟੁੰਡੀਲਾਟ ਦੀ ਹਿੰਮਤ ਨਾ ਹੁੰਦੀ ਕਿ ਬਿਨਾਂ ਦੱਸੇ
ਪੁੱਛੇ ਆ ਬਹੁੜੇ, ਪਿੰਡੋਂ ਹੋਰ ਜੁਆਨ ਵੀ ਆ ਬਹਿੰਦੇ ਤੇ ਜੂਥ ਕਲੱਬ ਦੇ
ਫੈਸਲੇ ਲਏ ਜਾਂਦੇ, ਜਦੋਂ ਗੁੱਲੇ ਨੇ ਰੇਡ ਤੇ ਪੈਂਟ ਲੈਕੇ ਥਾਪੀ ਮਾਰਨੀ,
ਘੀਚਰ ਤੇ ਜੋਧੇ ਨੇ ਹੇਕ ਮਲਾਕੇ ਆਖਣਾ
"ਗੁੱਲਾ ਹਵਾ ਦਾ ਬੁੱਲਾ ਗੁੱਟ ਨਾ ਦਿੰਦਾ ਬਗਾਨੇਆਂ ਨੂੰ..."
ਟੂਰਨਾਮੈਂਟ ਤੇ ਪਿੰਡਾਂ ਦੇ ਕੱਠ ਨੇ ਜੋਧੇ ਨੂੰ ਹੱਥਾਂ ਤੇ ਚੱਕ ਲੈਣਾ
ਪੰਜਾਬ ਦਾ ਦੌਰ ਇੱਕੇ ਲਖਤ ਬਦਲਿਆ ਸੀ,
ਆਥਣ ਹੋਣ ਸਾਰ ਪਿੰਡ ਸੁੰਨੇ ਹੋ ਜਾਂਦੇ, ਨਾ ਖੇਡ ਮੇਲੇ ਨਾ ਖਾੜੇ,
ਨਾ ਬਰਾਤਾਂ ਵਿਆਹ ਨਾ ਲੌਡ ਸਪੀਕਰ,
ਨੰਬਰ ਪਲੇਟਾਂ ਤੇ ਰੰਗ ਮਾਰ ਪੰਜਾਬੀ ਚ ਲਿਖੀਆਂ ਗਈਆਂ,
ਖੇਤਾਂ ਚ ਕਮਾਦ ਇੱਖ ਬੀਜਣ ਦੇ ਹੁਕਮ ਹੋਏ,
ਜਿਹੜੇ ਘਰੇ ਜਿਹੜਾ ਵੀ ਸਾਧਨ ਆ ਓਹਦੀ ਟੈਂਕੀ ਤੇਲ ਦੀ ਫੁੱਲ ਕਰਕੇ
ਮੂੰਹ ਬੀਹੀ ਆਲੇ ਬਾਰ ਕੰਨੀ ਕਰ ਚਾਬੀ ਵਿੱਚ ਹੋਣ ਦੇ ਹੁਕਮ ਆਏ,
ਏਹੋ ਜੀ ਰਾਤ ਕਲੈਹਣੀ ਸੀ ਓਹ ਵੀ ਜੋਧੇ ,ਘੀਚਰ ਤੇ ਗੁੱਲੇ ਨੂੰ ਪੁਲਸ
ਮੋਟਰ ਤੋਂ ਚਾਕੇ ਲੈਕੇ ਗਈ, ਕਈ ਮੀਹਨੇ ਕੋਈ ਸੁੱਭ ਨਾ ਮਿਲੀ,
ਪਿੰਡੋਂ ਬਾਹਰ ਡਰੇਨ ਦੀਆਂ ਤਖਾਨਾਂ ਚੋਂ ਤਿੰਨ ਸਰੀਰ ਮਿਲੇ ,
ਆਵਦੇ ਜਾਣੀ ਤਿੰਨਾਂ ਨੂੰ ਮਾਕਰੇ ਸਿੱਟਕੇ ਗਏ ਸੀ ਪਰ ਘੀਚਰ ਦੇ ਸਾਹ
ਚਲਦੇ ਸੀ, ਪਿੰਡ ਆਲੇਆਂ ਨੇ ਕਿਸੇ ਹਸਪਤਾਲ ਲਜਾਣੋਂ ਪਿੰਡ ਓਹਦੇ
ਘਰੇ ਈ ਦਵਾ ਦਾਰੂ ਸ਼ੁਰੂ ਕੀਤੀ, ਕਈ ਸਾਲਾਂ ਬਾਅਦ ਓਹ ਤੁਰਨ
ਲੱਗਿਆ ਪਰ ਮਸਾਂ ਮਸਾਂ , ਸੱਟਾਂ ਗੁੱਝੀਆਂ ਸੀ ਹੱਡਾਂ ਦੀਆਂ, ਕਿਤੇ ਪੁਰੇ
ਦੀ ਵਾਅ ਚਲਦੀ ਤਾਂ ਅੰਗ ਅੰਗ ਚੋਂ ਚੀਸਾਂ ਤੇ ਸੇਕ ਨਿੱਕਲਦਾ, ਜਮਾਨਾ
ਬਦਲ ਗਿਆ ਸੀ, ਟੂਰਨਾਮੈਂਟ ਹੁਣ ਵੀ ਹੁੰਦੇ ਪਰ ਸਟੇਜ ਤੇ ਲੀਡਰਾਂ ਦੇ
ਚਮਚੇ ਖੌਰੂ ਵੱਧ ਪਾਉੰਦੇ, ਖਿਡਾਰੀ ਵੀ ਨਸ਼ੇ ਵਰਤਕੇ ਖੇਡਦੇ, ਲੜਾਈ
ਹਰੇਕ ਖੇਡ ਮੇਲੇ ਹੁੰਦੀ, ਘੀਚਰ ਜਾਦੇ ਡੇਰੇ ਈ ਰਹਿੰਦਾ, ਹੁਣ ਓਹਦਾ
ਪਿੰਡ ਜੀ ਨਾ ਲਗਦਾ, ਕਿਉੰ ਓਹਦੇ ਨਾਲਦੀ ਜੁਆਨੀ ਦਾ ਤਾਂ ਘਾਣ
ਹੋ ਚੁੱਕਿਆ ਸੀ, ਨਮੇ ਨਿਆਣੇਆਂ ਨੂੰ ਘੀਚਰ ਦੀ ਉਮਰ ਦੇ ਬਜੁਰਗ
ਤਿੱਕੜੀ ਦੀਆਂ ਕਹਾਣੀਆਂ ਸੁਣਾਉੰਦੇ, ਘੀਚਰ ਨੇ ਡੇਰੇ ਦਾ ਡੰਗਰ ਚਾਰਦੇ
ਨੇ ਟਿੱਬੇਆਂ ਤੇ ਫਿਰਦੇ ਰਹਿਣਾ, ਓਹਨੇ ਡਾਂਗ ਨੂੰ ਮੋਢੇਆਂ ਤੋਂ ਦੀ ਕਰ
ਦੋਹੇਂ ਹੱਥ ਉੱਤੋਂ ਦੀ ਲਮਕਾਏ ਹੋਣੇ, ਇੱਕ ਬੋਹਝਾ ਓਹਦੀ ਬਾਂਹ ਚ ਹੁੰਦਾ
ਮੈਲਾ ਜਾ, ਜੀਹਦੇ ਚ ਚਾਹ ਦਾ ਰਾਸ਼ਨ ਪਾਣੀ ਹੁੰਦਾ ਮਾੜਾ ਮੋਟਾ, ਜਦੋਂ
ਕਿਤੇ ਓਹਨੂੰ ਸਕੂਲ ਦੇ ਗਰੌੰਡ ਚੋਂ ਬੜੀ ਮੱਧਮ ਜੀ ਬਾਜ ਸੁਣਨੀ ਕਿ ਪੈਂਟ
ਰੇਡਰ ਦਾ, ਤਾਂ ਗੀਚਰ ਨੇ ਬੱਗ ਮਗਰ ਤੁਰੇ ਜਾਂਦੇ ਨੇ ਇੱਕ ਟਕ ਸਿੱਧਾ
ਦੇਖੀ ਜਾਣਾ ਤੇ ਆਪ ਮੁਹਾਰੇ ਮੂੰਹ ਚ ਬੋਲੀ ਜਾਣਾ
"ਗੁੱਲਾ ਹਵਾ ਦਾ ਬੁੱਲਾ ਗੁੱਟ ਨਾ ਦਿੰਦਾ ਬਗਾਨੇਆਂ ਨੂੰ..."
ਜਖਮ ਰਿਸਦੇ ਰਿਸਦੇ ਜਾਨ ਦਾ ਖੌਅ ਬਣਗੇ ਸੀ,
ਘੀਚਰ ਨੂੰ ਵੀ ਕਾਹਲੀ ਸੀ ਕਿਹੜੇ ਵੇਲੇ ਆਪਣੇ ਜੁੰਡੀ ਦੇ ਯਾਰਾਂ ਕੋਲੇ
ਜਾਂਵਾਂ, ਓਸ ਦਿਨ ਓਹ ਦਿਨ ਦੇ ਛਪਾਅ ਨਾਲ ਪਿੰਡੋਂ ਨਿੱਕਲ ਗਿਆ ਸੀ
ਸੈਂਕਲ ਤੇ, ਜਗੀਰੇ ਬੁੜੇ ਤੋਂ ਓਹਨੇ ਦੋ ਬਤੋਲਾਂ ਨੇਫੇ ਦੇਲੀਆ ਸੀ,
ਕਈ ਸਾਲਾਂ ਤੋਂ ਮੋਟਰ ਉਜਾੜ ਸੀ, ਪਿੰਡ ale ਵਲੈਤ ਜਾਂ ਸ਼ਹਿਰੀ
ਬਾਗੇ ਸੀ, ਖੇਤੀ ਪਛੜਗੀ ਸੀ, ਘੀਚਰ ਰਾਤ ਹੋਣ ਸਾਰ ਪੂਲੇਆਂ ਤੇ
ਸਰਕੰਡੇਆਂ ਚੋਂ ਲੰਘਦਾ ਮੋਟਰ ਤੇ ਜਾ ਬੈਠਾ, ਪਹਿਲੀ ਬੋਤਲ ਮੁਕਾ ਕੇ
ਓਹ ਉੱਚੀ ਉੱਚੀ ਰੋਇਆ, ਚੀਕਾਂ ਦੂਜੀ ਪਿੰਡ ਦੀ ਜੂਹ ਨੂੰ ਟੋਹਕੇ
ਮੁੜਦੀਆਂ ਸੀ, ਦੂਜੀ ਅੱਧੀ ਬੋਤਲ ਬਾਅਦ ਜਿਮੇ ਓਹਨੂੰ ਕੋਈ ਚਾਅ
ਚੜ ਗਿਆ ਸੀ, ਓਹਨੇ ਕਮਲੇਆਂ ਅੰਗੂ ਮੋਟਰ ਦੀ ਕੰਧ ਖੁਰਚਣੀ ਸ਼ੁਰੂ
ਕਰਤੀ, ਤੜਕੇ ਹੋਣ ਸਾਰ ਪਿੰਡ ਹੋਕਾ ਆ ਗਿਆ ਸੀ,
ਮੋਟਰ ਦੇ ਕੋਠੇ ਦੁਆਲੇ ਪਿੰਡਾਂ ਦਾ ਕੱਠ ਸੀ, ਜੰਗਾਲੇ ਬੈਂਡ ਨਾਲ ਸੈਂਕਲ
ਖੜਾ ਸੀ, ਇੱਕ ਖਾਲੀ ਤੇ ਇੱਕ ਅੱਧੀ ਬੋਤਲਾਂ ਪਈਆਂ ਸੀ,
ਕੰਧ ਦੀ ਜੜ ਚ ਇੱਟਾਂ ਤੇ ਸਮਿੰਟ ਦੇ ਭੁਰੇ ਹੋਏ ਬੂਰੇ ਚ ਘੀਚਰ ਚੌਫਾਲ
ਲੰਮਾ ਪਿਆ ਸੀ, ਕੰਧ ਤੇ ਉੱਤੇ ਹਲਕਾ ਪੁਰਾਣਾ ਤੇ ਥੱਲੇ ਤਾਜਾ ਗੂਹੜਾ
ਉੱਕਰਿਆ ਸੀ "
"ਜੋਧਾ ਘੀਚਰ ਗੁੱਲਾ"
ਏਥੇ ਹੁੰਦੇ ਸੀ

SAHIT LAGRA
Instagram: @sahit_lagra
Youtube: SAHIT LAGRA

PREMJEET SINGH NAINEWALIA 1

BY: NAINEWALIA
ਚੇਤੇ ਬੁੜੇ ਦਾ ਸਿਵਾ ਪੂਰੇ ਜੋਬਨ ਤੇ ਮੱਚ ਰਿਹਾ ਸੀ, ਪਰ ਪੁਰਾਣੇ ਹੱਡ ਖਣੀ
ਚੀਹੜੇ ਬਾਹਲੇ ਸੀ, ਖਣੀ ਤਾਂਹਾਂ ਤੋਂ ਰੱਬ ਵੀ ਆਂਹਦਾ ਸੀ ਬੀ ਬਾਬੇ ਨੂੰ ਘੜੀ
ਦੋ ਘੜੀ ਹੋਰ ਰਹਿਣ ਦਿਓ ਏਸੇ ਪਿੰਡ ਦੀ ਜੂਹ ਚ, ਪਿੰਡ ਨਾਲ, ਪਿੰਡ ਦੇ
ਲੋਕਾਂ ਨਾਲ, ਦਰੱਖਤਾਂ ਨਾਲ, ਕੱਚੇ ਪੱਕੇ ਰਾਹਵਾਂ ਨਾਲ, ਆਲੇ ਦੁਆਲੇ
ਨਾਲ, ਚੇਤੇ ਦਾ ਅੰਤਾਂ ਦਾ ਮੋਹ ਸੀ, ਸਿਵੇ ਦੇ ਇੱਕ ਖੂੰਜੇ ਖੜੇ ਚੇਤੇ ਦੇ
ਲੰਗੋਟੀਏ ਯਾਰ, ਵਲੈਤੋਂ ਸਪੈਸ਼ਲ ਆਏ ਸੀ, ਨਹੀਂ ਕੋਈ ਵਲੈਤੀਆ ਗਰਮੀ
ਰੁੱਤੇ ਪੰਜਾਬ ਕੰਨੀ ਮੂੰਹ ਨੀ ਕਰਦਾ, ਓਹ ਕੱਠ ਤੋਂ ਦੂਰ ਡੰਗਰਾਂ ਆਲੇ
ਹਸਪਤਾਲ ਦੀ ਕੰਧ ਆਲੀ ਪਹਾੜੀ ਕਿੱਕਰ ਹੇਠਾਂ ਖੜੇ ਉੱਡਦੇ ਪਤੰਗਿਆਂ
ਨੂੰ ਦੇਖ ਰਹੇ ਸੀ, ਅਰਜਣ ਗਰੇਆਲ ਨੇ ਖੰਘਾਰ ਥੁੱਕਿਆ ਤੇ ਭਰਿਆ ਗੱਚ
ਗਾਂਹਾਂ ਕਰ ਬੋਲਿਆ....ਕੰਜਰਦਾ ਪੁੱਤ ਪਹਿਲਾ ਨੰਬਰ ਈ ਲੈ ਗਿਆ,
ਆਂਹਦਾ ਹੁੰਦਾ ਆਓ ਲੈ ਚੱਲੀਏ, ਤੇਰੇ ਯਾਦ ਆ ਗਿੱਲਾ, ਇਹ ਬਠਿੰਡੇ
ਆਲੇ ਸੰਧੂ ਕੋਲੇ ਰੋਡਵੇਜ ਦੇ ਦਫਤਰ ਜਾਂਦਾ ਹੁੰਦਾ ਦੋ ਚਾਰ ਮੀਹਨੇ ਬਾਅਦ....
ਚੇਤ ਪਿੰਡੋਂ ਬਾਹਰ ਘੱਟ ਈ ਨਿੱਕਲਦਾ, ਜਾਂਦਾ ਤਾਂ ਬਠਿੰਡੇ ਲਾਗੇ ਵਿਆਹੀ
ਕੁੜੀ ਨੂੰ ਸ਼ਗੁਨ ਦੇਕੇ ਤੇ ਸੁੱਖ ਸਾਂਦ ਪੁੱਛ ਆਥਣੇ ਸੰਧੂ ਦੇ ਕੁਆਟਰ ਜਾ ਡੇਰੇ
ਲਾਉਣੇ, ਚੇਤੇ ਨੇ ਜਾਣ ਲੱਗੇ ਨੇ ਗਰੇਆਲ ਤੇ ਗਿੱਲ ਨੂੰ ਕਾਲਜ ਜਾਂਦਿਆਂ
ਸੁਲਾਹ ਮਾਰਨੀ..ਆਓ ਲੈ ਚੱਲੀਏ....ਓਹ ਤੂੰ ਜਾਹ ਭਰਾਵਾ....ਅਸੀਂ ਪੋਥੀਆਂ
ਪੜਾਂਗੇ ਤੇ ਕਨੇਡੇ ਜਾਵਾਂਗੇ......ਗਿੱਲ ਨੇ ਗਰੇਆਲ ਦੇ ਹੁੱਜ ਮਾਰ ਚੇਤ ਨੂ
ਟੌਂਚ ਲਾਉਣੀ.....
ਚੇਤ ਨੇ ਜਾਂਦੇ ਜਾਂਦੇ ਹੱਥ ਖੜਾ ਕਰ ਜਾਣਾ ਨਾਲ ਆਖ ਜਾਣਾ...
ਜੇਬ ਕੌਡੀ ਆਲੇ ਜਾਂਦੇ ਆ ਕਨੇਡਾ, ਬਠਿੰਡੇ ਬਾਈ ਫੱਕਰ ਜਾਂਦੇ ਆ.......
ਓਧਰ ਸੰਧੂ ਨੂੰ ਪਿੰਡੋਂ ਚੇਤ ਦੇ ਆਉਣ ਦਾ ਤੀਆਂ ਜਿੰਨਾ ਚਾਅ ਹੁੰਦਾ, ਓਹਨੇ
ਕੌਡੀ ਬਾਡੀ ਆਲਿਆ ਮਾਗੂੰ ਚੇਤ ਨੂੰ ਜੱਫਾ ਪਾ ਮਿਲਨਾ ਤੇ ਸਟੂਲ ਤੇ ਰੂੜੀ
ਮਾਰਕਾ ਦੀ ਬੋਤਲ ਆਂਏਂ ਕੱਢ ਕੇ ਰੱਖ ਦੇਣੀ ਜਿਮੇ ਮਦਾਰੀ ਝੋਲੇ ਚੋਂ ਝੁਰਲੂ
ਕੱਢਦਾ ਹੁੰਦਾ, ਕੱਚੀ ਲਾਹਣ ਦੀ ਬੋਤਲ ਚੇਤ ਤੇ ਸੰਧੂ ਕੰਨੀ ਉੱਲੂ ਮਾਗੂੰ
ਝਾਕਦੀ,
ਪਿੰਡ ਮੁੜਦੇ ਨੇ ਓਹਨੇ ਸੰਧੂ ਨੂੰ ਸੁਲਾਹ ਮਾਰਨੀ..
ਆਓ ਲੈ ਚੱਲੀਏ...
ਵਿਸਾਖੀ ਤੇ ਆਂਉੰ ਚੇਤ ਸਿਆਂ ਪਿੰਡ......
ਆਖ ਸੰਧੂ ਨੇ ਵਿਸਲ ਮਾਰਨੀ ਤੇ ਪਟਿਆਲਾ ਰੋਡਵੇਜ ਨੇ ਟੈਰਾਂ ਹੇਠੋਂ ਮਿੱਟੀ
ਕੱਢਣੀ....
ਸਿਵਾ ਬਲ ਚੁੱਕਿਆ ਸੀ..ਪਿੰਡ ਆਲੇ ਵੀ ਘਰੀਂ ਮੁੜਗੇ ਸੀ...
ਖੜੇ ਸੀ ਤਾਂ ਪੁਰਾਣੇ ਗਮਖਾਰ ਤੇ ਜੋਟੀ ਦਾਰ....
ਗਿੱਲ ਤੇ ਗਰੇਆਲ ਜਦੋਂ ਸੰਧੂ ਨੂੰ ਜੱਫੀ ਪਾਕੇ ਮਿਲੇ ਸੀ ਓਹਨਾਂ ਨੂੰ ਆਵਦੇ
ਪਾਏ ਕੋਟ ਪੈਂਟਾਂ ਤੇ ਲੱਗਿਆ ਸੈਂਟ ਮੁਸ਼ਕ ਮਾਰਦਾ ਲੱਗਿਆ, ਸੰਧੂ ਦੇ ਪਿੰਡੇ
ਚੋਂ ਆਉੰਦੀ ਮੁੜਕੇ ਦੀ ਹੌਂਕ ਓਹਨਾਂ ਨੂੰ ਮਿੱਠੀ ਮਿੱਠੀ ਲੱਗੀ.....
ਉਮਰਾਂ ਈ ਲੰਘਾਤੀਆਂ ਬਾਈ ਮੁੜਕੇ ਆਏ ਈ ਨੀ....
ਸੰਧੂ ਨੇ ਗਿੱਲ ਤੇ ਗਰੇਆਲ ਨੂੰ ਉਲਾਂਭਾ ਦਿੱਤਾ....
ਓਹਨਾਂ ਦਾ ਜੀ ਕਰਦਾ ਸੀ...ਕੋਟ ਪੈਂਟ ਲਾਹਕੇ ਸਿੱਟ ਦੇਣ ਤੇ ਰੇਤੇ ਦੇ ਬੁੱਕ
ਚੱਕ ਚੱਕ ਸਿਰ ਚ ਪਾਉਣ, ਕਾਲੀ ਮਿੱਟੀ ਚ ਤੂੜੀ ਰਲਾਕੇ ਕੀਤੀ ਘਾਣੀ
ਚ ਲਿਟਣ.....
ਕੇਰਾਂ ਯਾਦ ਆ..ਗਿੱਲ ਸਿਵੇ ਦੀ ਉੱਡਦੀ ਸੁਆਹ ਕੰਨੀ ਝਾਕਦਾ ਈ
ਬੋਲਿਆ ਸੀ.....ਇਹ ਖਲ ਦੀ ਬੋਰੀ ਲੈਣ ਸ਼ਹਿਰ ਚੱਲਿਆ ਸੀ..ਆਪਾਂ ਬੱਸੋਂ
ਉੱਤਰੇ ਸੀ..ਸਾਲਾ ਆਂਹਦਾ ਆਓ ਲੈ ਚੱਲੀਏ...ਸੰਧੂ ਤੇ ਗਰੇਆਲ ਥੋੜਾ ਹੱਸੇ
ਸੀ..ਆਹੋ, ਮੈਂ ਕਿਹਾ ਮੇਰਿਆ ਸਾਲਿਆ ਸੜਿਆ ਜਾ ਸੈਂਕਲ ਆ ਤੇਰੇ ਕੋਲੇ
ਏਹੇ ਜਹਾਜ ਆ, ਫੇਰ ਅਖੇ ਜੇਬਾਂ ਆਲੇ ਬਹਿੰਦੇ ਆ ਜਹਾਜ ਚ, ਸੈਂਕਲ
ਸੁਆਰੀ ਸ਼ਾਹਾਂ ਦੀ...ਤਿੰਨੇ ਹੁੰਝੂਆਂ ਚ ਵੀ ਹੱਸੇ ਸੀ..ਤੇ ਜਾਣ ਵਾਲੇ ਨੂੰ
ਆਖਰੀ ਸੁਲਾਹ ਮਾਰ ਪਿੰਡ ਨੂੰ ਮੁੜੇ ਸੀ.....ਜਿਵੇਂ ਕੋਈ ਹਵਾ ਦਾ ਬੁੱਲਾ
ਵਗਿਆ ਹੋਵੇ...ਸਿਵੇ ਦੀ ਸੁਆਹ ਜਿਵੇਂ ਬੁੱਕ ਭਰ ਉੱਡੀ ਹੋਵੇ....
ਤਿੰਨੇ ਪਿੱਛੇ ਮੁੜ ਇੱਕੇ ਲਖਤ ਝਾਕੇ ਸੀ..ਜਿਵੇਂ ਕਿਸੇ ਨੇ ਹਾਕ ਮਾਰੀ ਹੋਵੇ....
ਆਓ ਲੈ ਚੱਲੀਏ........
WRITTEN BY: PREMJEET SINGH NAINEWALIA


SAHIT LAGRA
Instagram: @sahit_lagra
Youtube: Sahit Lagra 


NAKHRE DA KATAL BY DEEP JODHAN

ਨਖ਼ਰੇ ਦਾ ਕਤਲ

By ਦੀਪ ਜੋਧਾਂ

ਪੁਰਾਣੇ ਵੇਲਿਆਂ ਦੀ ਗੱਲ ਏ, ਕਿਸੇ ਪਿੰਡ ਸਾਂਹਸੀਆਂ ਦੇ ਪਰਿਵਾਰ ਨੇ ਇੱਕ
ਔਰਤ ਵਿਆਹ ਕੇ ਲਿਆਂਦੀ , ਨਾਮ ਸੀ ਬੀਬੋ ।ਮੂੰਹ ਮੱਥੇ ਲੱਗਦੀ ਸੀ , ਤੇ
ਸੀ ਥੋੜ੍ਹੀ ਨੱਕ ਚੜ੍ਹੀ । ਸਹੁਰਾ ਪਰਿਵਾਰ ਬੜੀ ਕਦਰ ਕਰਦਾ ਸੀ ਓਹਦੀ
ਪਰ ਓਹਨੇ ਗੱਲ ਗੱਲ ਤੇ ਗ਼ੁੱਸੇ ਹੋਣਾ, ਪੇਕੇ ਤੁਰ ਜਾਣ ਦੀਆਂ ਧਮਕੀਆਂ
ਦੇਣਾ ਓਹਦਾ ਨਿੱਤ ਦਾ ਵਿਹਾਰ ਬਣ ਗਿਆ ।ਹਰ ਗੱਲ ਤੇ ਜਿਦ ਪੁਗੌਣੀ
ਕਿ ਆਹ ਕੰਮ ਏਦਾਂ ਈ ਹੋਣਾ ਚਾਹੀਦਾ ਏ ਨਹੀ ਤੇ ਮੈਂ ਚੱਲੀ । ਓਹਦਾ
ਖ਼ਾਵੰਦ ਤਾਂ ਭਲਾਮਾਣਸ ਸੀ ਹੀ, ਬਾਕੀ ਸਹੁਰਾ ਪਰਿਵਾਰ ਵੀ ਬਹੁਤ ਸ਼ਰੀਫ
ਸੀ । ਕੁਝ ਸਮਾਂ ਇਵੇਂ ਈ ਚੱਲਦਾ ਰਿਹਾ, ਪਰ ਆਖਰ ਨੂੰ ਸਭ ਦਾ ਸਬਰ
ਜਵਾਬ ਦੇ ਗਿਆ , ਓਹਦੇ ਪੇਕਿਆਂ ਤੋੰ ਵੀ ਪਤਾ ਚੱਲ ਗਿਆ ਕਿ ਬੀਬਾ ਦਾ
ਸੁਭਾਅ ਬਾਹਲ਼ਾ ਈ ਕੁਪੱਤਾ ਸੀ ਪਹਿਲੇ ਦਿਨ ਤੋਂ ਈ ।
ਤੇ ਬੀਬੋ ਜੀ ਵਿੱਟਰ ਬੈਠੇ ਇੱਕ ਦਿਨ, ਅਖੇ ਮੈਂ ਤਾਂ ਚੱਲੀ , ਹੁਣ ਨਾ ਰੁਕੀ।
ਪੈਰ ਪਟਕਦੀ ਵਾਹੋ-ਦਾਹੀ ਬਾਹਰ ਨੂੰ ਤੁਰ ਪਈ ਕਿ ਹੁਣ ਵੀ ਕੋਈ ਰੋਕੇਗਾ,
ਤਰਲੇ ਮਿੰਨਤਾਂ ਕਰੇਗਾ , ਪਰ ਏਹ ਕੀ? ਕੋਈ ਆਇਆ ਈ ਨਾ ਰੋਕਣ,
ਤਰਲੇ ਤਾਂ ਦੂਰ ਦੀ ਗੱਲ, ਮੂੰਹ ਵੀ ਫੇਰ ਲਏ ਓਸ ਤੋਂ । ਓਹ ਪਿੱਛੇ ਮੁੜ ਮੁੜ
ਵੇਖਦੀ ਪਿੰਡੋਂ ਕਾਫੀ ਦੂਰ ਚਲੀ ਗਈ। ਭੁੱਖੀ ਪਿਆਸੀ ਸਾਰਾ ਦਿਨ ਬੈਠੀ ਰਹੀ
ਸੁੰਨੇ ਜਿਹੇ ਬੋਹੜ ਥੱਲੇ , ਉਹਦਾ ਪਤੀ ਵੀ ਭੇਡਾਂ ਚਾਰਨ ਤੁਰ ਗਿਆ, ਬਿਨਾ
ਕੋਈ ਤਵੱਜੋਂ ਦਿੱਤਿਆਂ ਲੰਘ ਗਿਆ ਓਹਦੇ ਕੋਲ ਦੀ। ਪੇਕਿਆਂ ਦਾ ਖਿਆਲ
ਕੀਤਾ ਤਾਂ ਯਾਦ ਆਇਆ ਕਿ ਓਥੋਂ ਵੀ ਸਵਾਗਤੀ ਹਾਰ ਕੋਈ ਨਹੀ ਪੈਣੇ,
ਪਰ ਸਭ ਕਿਆਫ਼ੇ ਧਰੇ ਧਰਾਏ ਰਹਿ ਗਏ , ਭੁੱਖ ਨਾਲ ਬੁਰਾ ਹਾਲ ਹੋ ਗਿਆ
ਓਹਦਾ,ਪਾਣੀ ਤਾਂ ਸਿਰਫ ਪਿਆਸ ਈ ਬੁਝਾ ਸਕਦਾ ਏ, ਰੋਟੀ ਦੀ ਥਾਂ ਨਹੀ ਲੈ
ਸਕਦਾ । ਆਖਰ ਨਜ਼ਰਾਂ ਤੋ ਬਚਦੀ ਬਚਦੀ ਘਰ ਵੱਲ ਨੂੰ ਪੈਰ ਘੜੀਸਦੀ ਤੁਰ
ਪਈ ਕਿ ਵੇਖਾਂ ਤੇ ਸਹੀ , ਸ਼ਾਇਦ ਕੋਈ ਘਰ ਦਾ ਜੀਅ ਲੈਣ ਆ ਈ ਰਿਹਾ ਹੋਵੇ ,
ਪਰ ਓਹਨਾ ਸਾਰਿਆਂ ਨੇ ਵੀ ਜਿਵੇਂ ਗੰਢ ਈ ਦੇ ਲਈ ਸੀ ਕਿ ਜਾਣਾ ਏ ਤਾਂ ਜਾਹ,
ਕਿਹੜਾ ਨਿੱਤ ਮਿੰਨਤਾਂ ਕਰੇ।
ਓਹ ਘਰ ਕੋਲੇ ਆ ਕੇ ਲੁਕ ਕੇ ਬੈਠ ਗਈ , ਅਚਾਨਕ ਓਹਨੂੰ ਆਪਣਾ ਭੇਡਾਂ ਦਾ
ਇੱਜੜ ਆਉਂਦਾ ਦਿਖਾਈ ਦਿੱਤਾ , ਓਹਦੇ ਪਤੀ ਨੇ ਓਹਨੂੰ ਤੱਕ ਤਾਂ ਲਿਆ ਪਰ ਵੇਖ
ਕੇ ਅਣਡਿੱਠ ਕਰ ਦਿੱਤਾ । ਬੀਬੋ ਦੀ ਤਾਂ ਧਾਅ ਨਿਕਲਣ ਵਾਲੀ ਹੋ ਗਈ, ਫਿਰ
ਅਚਾਨਕ ਓਹਦੀ ਨਿਗਾ ਇੱਕ ਲੰਗੜੇ ਲੇਲੇ ਤੇ ਪਈ ਜੋ ਇੱਜੜ ਤੋਂ ਪਛੜ ਕੇ ਤੁਰ
ਰਿਹਾ ਸੀ ।ਬੀਬੋ ਨੇ ਜੁਗਾੜ ਲਾ ਲਿਆ ਹਾਰਕੇ , ਭੱਜਕੇ ਲੇਲੇ ਦੀ ਪੂਛ ਫੜ੍ਹ ਲਈ
ਦੋਹਾਂ ਹੱਥਾਂ ਨਾਲ ਘੁੱਟ ਕੇ । ਲੇਲਾ ਘਰ ਜਾਣ ਨੂੰ ਲੇਰਾਂ ਦੇਣ ਲੱਗਾ ਤੇ ਸ਼ਰਮਿੰਦੀ
ਹੋਈ ਬੀਬੋ ਨੇ ਆਪਣਾ ਰਾਗ ਛੋਹ ਲਿਆ,” ਵੇ ਲੇਲਿਆ, ਮਰ ਜਾਣਿਆਂ ਕਿਉਂ
ਜਿਦ ਕਰਦਾਂ, ਮੈਂ ਨਹੀਂ ਘਰ ਨੂੰ ਜਾਣਾ ਵੇ,
ਤੂੰ ਕਾਹਤੋਂ ਖਹਿੜਾ ਕਰਦਾਂ ਕਮਲਿਆ ,
ਏਸ ਘਰ ਚ ਮੇਰੀ ਨਖੱਤੀ ਦੀ ਕੋਈ ਲੋੜ ਨਹੀਂ ਵੇ ਕਿਸੇ ਨੂੰ,”
ਤੇ ਲੇਲੇ ਦੀ ਪੂਛ ਫੜ੍ਹ ਕੇ ਵਿਹੜਾ ਲੰਘ ਆਈ , ਓਹਦੇ ਭਲੇ ਮਾਣਸ ਸਹੁਰੇ ਨੇ
ਲੇਲੇ ਨੂੰ ਥਾਪੀ ਦਿੱਤੀ ਤੇ ਕਿਹਾ,” ਸ਼ਾਬਾਸ਼ੇ ਲੇਲਿਆ, ਸਵੇਰ ਦਾ ਭੁੱਲਿਆ ਸ਼ਾਮ
ਨੂੰ ਘਰੇ ਮੁੜ ਆਵੇ ਤਾਂ ਓਹਨੂੰ ਭੁੱਲਿਆ ਨਹੀਂ ਕਹਿੰਦੇ, ਬੀਬੋ ਨੂੰ ਕਹਿ, ਮੂੰਹ ਹੱਥ ਧੋ
ਕੇ ਰੋਟੀ ਪਾਣੀ ਛਕੇ, ਪਰਿਵਾਰਾਂ ਚ ਜਿਦਾਂ ਸ਼ਰੀਕੇ ਨਹੀਂ ਸੋਭਦੇ, ਸਿਆਣੇ ਬਣਕੇ
ਰਹੀਦਾ ਹੁੰਦਾ,
ਤੇ ਬੀਬੋ ਚੁੱਪ-ਚਾਪ ਨੀਵੀਂ ਪਾ ਕੇ ਚੌਂਕੇ ਵੱਲ ਨੂੰ ਹੋ ਤੁਰੀ।
ਅਗਰ ਇੱਜਤ ਮਾਣ ਮਿਲਦਾ ਹੋਵੇ ਤਾਂ ਨਿਮਰਤਾ ਨਾਲ ਸਵੀਕਾਰ ਕਰਨਾ
ਬਣਦਾ ਏ, ਹਾਰ ਪਵੌਣ ਲਈ ਗਰਦਨ ਝੁਕੌਣੀ ਲਾਜ਼ਮੀ ਏ । ਲਚਕਦਾਰ ਹੋਣਾ
ਜ਼ਿੰਦਾ ਤੇ ਨਰਮ-ਦਿਲ ਹੋਣ ਦੀ ਨਿਸ਼ਾਨੀ ਏ, ਆਕੜ ਤਾਂ ਮੁਰਦੇ ਦੀ ਪਹਿਚਾਣ ਏ ।
ਆਓ,ਓਹਨਾ ਨੂੰ ਗਲ ਲੱਗ ਮਿਲੀਏ ਜੋ ਬਾਹਾਂ ਖੋਲ੍ਹ ਕੇ ਰਾਹਾਂ ਚ ਖੜੇ ਨੇ , ਇਸਤੋ
ਪਹਿਲਾਂ ਕਿ ਓਹ ਥੱਕ ਕੇ ਦਰ ਭੇੜ ਲੈਣ ਤੇ ਫਿਰ ਸ਼ਾਇਦ ਸਾਨੂੰ ਵੀ ਲੰਗੜਾ ਲੇਲਾ
ਲੱਭਣਾ ਪਵੇ । ਕਿਸੇ ਮਿੱਤਰ ਪਿਆਰੇ ਨੂੰ ਏਨਾ ਜ਼ਲੀਲ ਨਾ ਕਰ ਦੇਈਏ ਕਿ ਓਹ
ਸਦਾ ਲਈ ਬੇਮੁਖ ਹੋ ਜਾਵੇ । ਦੁਨੀਆਂ ਦੇ ਕੰਮ ਉਦੋ ਵੀ ਚੱਲਦੇ ਸਨ ਜਦੋਂ ਅਸੀਂ
ਜਨਮੇ ਵੀ ਨਹੀ ਸਾਂ, ਤੇ ਬਾਅਦ ਵਿੱਚ ਵੀ ਚੱਲਦੇ ਰਹਿਣਗੇ।।
Written By: Deep Jodhan
Instagram: @deepjodhan_
SAHIT LAGRA
Instagram: @sahit_lagra
Youtube: Sahit Lagra


Tuesday, August 18, 2020

"ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ"

 SHORT STORY

ਬੜੀ  ਪੱਕੀ  ਯਾਰੀ ਸੀ ਬਿੱਕਰ ਤੇ ਪਾਸ਼ੇ ਦੀ। ਤੂਤਾਂ ਆਲਾ ਸਾਰਾ ਪਿੰਡ ਹਾਮੀ ਭਰਦਾ  ਸੀ ਇਹਨਾ ਦੀ ਯਾਰੀ ਦੀ। ਬਿੱਕਰ ਜਾਤ ਦਾ ਜੱਟ ਜਿਮੀਦਾਰ ਸੀ ਤੇ  ਪਾਸ਼ਾ ਮਜ੍ਹਬੀ ਸਿੱਖ।  ਗਵਾਂਡ ਚ ਘਰ ਹੋਣ ਕਰਕੇ ਬਚਪਨ  ਵੀ ਕੱਠਿਆਂ ਦਾ ਲੰਗਿਆ। ਇਕੱਠੇ ਹੀ ਪੜਨ ਲੱਗੇ ਪਰ ਪੰਜਵੀ ਬਾਅਦ ਹੱਟ ਗਏ। 

ਪਾਸ਼ਾ ਆਵਦੇ ਪਿਓ ਨਾਲ ਦਿਹਾੜੀ ਦੱਪੇ ਜਾਣ ਲੱਗ ਗਿਆ ਤੇ ਬਿੱਕਰ ਹੁਣ ਖੇਤ ਬੰਨੇ ਜਾ ਵੜ ਦਾ...
ਵਕ਼ਤ ਆਵਦੀ ਤੋਰ ਚਲਦਾ ਗਿਆ। ਦੋਵੇ ਵਿਆਹੇ ਵੀ ਗਏ ਪਰ ਯਾਰੀ ਨਾ ਘਟੀ..
ਕਹਿੰਦੇ  ਪਾਸ਼ੇ ਦੀ ਭੈਣ ਦੇ ਵਿਆਹ ਵੇਲੇ ਬਾਰਾਤ ਨੂੰ ਸਾਰਾ ਰੋਟੀ ਪਾਣੀ ਬਿੱਕਰ ਨੇ ਆਵਦੇ ਘਰੋ ਕਰਿਆ ਸੀ। ਰੋਜ਼ ਦੋਵੇ ਜਾਣੇ ਸੱਥ ਅਲੀ ਥੜੀ ਤੇ ਜਰੂਰ ਹਾਜ਼ਰੀ ਭਰਦੇ। ..
ਓਥੇ ਗੱਲਾਂ ਸੁਣਦੇ ਵੀ ਹੁਣ ਪੰਜਾਬੀ ਸੂਬਾ ਭਾਸ਼ਾ ਦੇ ਅਧਾਰ ਤੇ ਵੰਡਿਆ ਗਿਆ। ਨਵਾਂ ਹਰਿਆਣਾ ਕੱਡ ਤਾ ਵਿਚੋਂ।
ਹੁਣ ਲੀਡਰ ਵੀ ਪਿੰਡਾਂ ਚ ਗੇੜੇ ਮਾਰਨ ਲੱਗ ਗਏ.. ਰਾਜਨੀਤੀ ਓਹ ਨਾ ਰਹੀ..
ਹੁਣ ਲੀਡਰ ਘਟੀਆ ਚਾਲਾਂ ਚੱਲਣ ਲੱਗ ਗਏ ਸੀ ਵੋਟਾ ਲਈ. ਇਕ ਨਵੀ ਚਾਲ ਜਿਹੜੀ ਸੀ ਓਹ ਸੀ ਪਿੰਡਾ
ਦਿਆਂ ਲੋਕਾਂ ਵਿਚ ਜਾਤਾਂ ਦੇ ਅਧਾਰ ਤੇ ਰੌਲੇ ਪਵਾਉਣੇ ਤੇ ਕਿਸੇ ਗਰੀਬ ਜਾਤ ਦੇ ਬੰਦੇ ਨੂੰ ਕੋਈ  ਰੁਤਬਾ ਦੇ ਕੇ ਓਹਦੇ ਕਬੀਲੇ ਦੀਆਂ ਸਾਰੀਆਂ ਵੋਟਾਂ ਇੱਕ ਹੱਥ  ਕਰਨੀਆ.. ਤੂਤਾਂ ਆਲਾ ਪਿੰਡ ਵਾਵਾ ਵੱਡਾ ਸੀ..
ਪਿੰਡ ਵਿੱਚ ਬਾਕੀ ਜਾਤਾਂ ਦੀ ਗਿਣਤੀ ਵੀ ਜੱਟ ਜਿਮੀਦਾਰਾ ਦੇ ਬਰਾਬਰ  ਸੀ..  ਪਹਿਲਾਂ ਸਾਰਾ ਪਿੰਡ ਟਕਸਾਲੀ ਆਗੂ  ਸੁਰਜਨ ਸਿੰਘ ਦੇ ਮਗਰ ਸੀ..
ਜਿਥੇ  ਓਹਨੇ ਕਹਿਣਾ ਪਿੰਡ ਨੇ ਓਸ ਪਾਸੇ ਉੱਲਰ ਜਾਣਾ। ਪਰ ਇਕ ਵਿਰੋਧੀ ਸੀ ਪਿੰਡ ਚ..
ਗੱਜਣ ਸਿੰਘ। ਜ਼ਮੀਨ  ਜਾਇਦਾਦ ਸਭ ਤੋਵੱਧ ਸੀ ਪਰ ਪਿੰਡ ਦੇ ਥੋੜੇ ਘਰ ਹੀ ਓਹਦੇ ਮਗਰ ਤੁਰਦੇ ਸੀ। ਇਲਾਕੇ ਦਾ ਲੀਡਰ  ਹਾਕਮ ਸਿੰਘ ਪਿੰਡ ਵਿਚ ਗੇੜੇ ਮਾਰਨ ਲੱਗ ਗਿਆ..ਓਹਨੇ ਗੱਜਣ ਨੂੰ ਆਵਦੇ ਨਾਲ ਰਲਾਇਆ ਤੇ ਰਾਜਨੀਤੀ ਦਾ ਪਹਿਲਾ ਮੋਹਰਾ ਇਹ ਸਿੱਟਿਆ ਕੇ ਓਹਨਾ ਨੇ ਪਿੰਡ ਦੇ ਗੁਰੂਘਰ ਵਿਚ ਮੁਨੀ  ਦਾਸ ਮਹੰਤ ਬਿਠਾ ਦਿੱਤਾ..
ਓਹਨੇ ਹੋਲੀ ਹੋਲੀ ਆਵਦਾ  ਕੰਮ ਸ਼ੁਰੂ ਕਰ ਦਿੱਤਾ। ਓਹ ਨੀਵੀਆਂ ਜਾਤਾਂ ਆਲਿਆਂ ਨੂੰ ਸੇਵਾ ਕਰਨ ਤੋ ਟੋਕਦਾ ਰਹਿੰਦਾ। ਮੱਸਿਆ ਪੁੰਨਿਆ ਤੇ ਲੜਾਈ ਹੋਣ ਲੱਗ ਗਈ। ਓਹਨੇ ਭਾਂਡੇ ਵੀ ਅੱਡ ਕਰ ਦਿੱਤੇ ਵੀ ਇਹ ਜੱਟ ਜਿਮੀਦਾਰਾਂ ਦੇ ਬਾਕੀ ਦੂਜੀਆਂ  ਜਾਤਾਂ ਦੇ। ਪਿੰਡ ਦੇ ਲੋਕਾਂ ਨੇ  ਵਿਰੋਧ ਕਰਨਾ ਸ਼ੁਰੂ ਕੀਤਾ ਤਾ ਲੀਡਰ ਹਾਕਮ ਨੇ ਸਰਕਾਰੇ ਦਰਬਾਰੇ ਤੋ ਧਮਕੀ ਦਵਾ ਦੇਣੀ। ਹੁਣ ਮੁਨੀ ਦਾਸ ਵੀ ਆਵਦੇ ਨਾਲ ਬੰਦੇ ਰੱਖਣ  ਲੱਗ ਗਿਆ। ਦੂਜੇ ਪਾਸੇ ਹਾਕਮ ਸਿੰਘ ਨੇ ਨੀਵੀਆਂ ਜਾਤਾਂ ਆਲੇ ਕਈ ਬੰਦਿਆ ਨੂੰ ਪਿਛੇ ਲਾਇਆ ਕੀ ਮੈਂ ਤੁਹਾਡੇ ਲਈ ਨਵਾਂ ਗੁਰੂਘਰ ਬਣਾ ਕੇ  ਦਿੰਨਾ।  ਭੋਲੇ ਲੋਕ ਗੱਲਾਂ ਵਿਚ ਆ ਗਏ। ਹੋਰ ਵੀ ਕਈ ਸਹੂਲਤਾਂ ਦੇਣ ਲੱਗ ਗਿਆ ਤੇ ਪਿੰਡ ਵਿਚ ਹੁਣ ਦੋ ਧੜੇ ਬਣ ਗਏ। ਪਿੰਡ ਦੇ ਸਾਂਝੇ ਥਾਵਾਂ ਦੇ ਲੜਾਈਆਂ ਸ਼ੁਰੂ ਹੋ ਗਈਆਂ। ਮਚਦੀ ਤੇ ਤੇਲ ਪਾਉਣ ਲਈ ਮੁਨੀ ਦਾਸ ਦੇ ਬੰਦਿਆ ਨੇ ਗੁਰੂਘਰ ਆਈਆਂ ਮਜ੍ਹਬੀ
ਸਿਖਾਂ ਦੀਆਂ ਧੀਆਂ ਭੈਣਾ ਨਾਲ ਬਦਫੈਲੀ ਕਰ ਦਿੱਤੀ। ਲੋਕ ਸਿਆਸੀ ਭੇਦ ਨਾ ਸਮਝ ਸਕੇ ਤੇ ਸਭ ਨੂੰ ਇਹ ਜੱਟਾਂ ਦੇ ਮੁੰਡਿਆ ਦਾ ਕੰਮ ਲੱਗਿਆ ਤੇ ਲੜਾਈ ਹੋਈ ਤੇ ਦੋਹਾ ਧੜਿਆਂ ਦੇ ਕਈ ਬੰਦੇ ਵੱਡੇ ਟੁੱਕੇ ਗਏ। ਬਿੱਕਰ,ਪਾਸ਼ਾ ਤੇ ਹੋਰ ਕਈ ਬੰਦੇ ਅੱਜ ਸੱਥ ਆਲੀ ਥੜੀ ਤੇ ਬੈਠੇ ਬਲਦੇ ਹੋਏ ਪਿੰਡ ਨੂੰ ਵੇਖ ਰਹੇ ਸੀ।  ਸਾਰੇ ਅੰਦਰੋ ਅੰਦਰੀ ਸਬ ਜਾਣ ਦੇ ਸਨ। 
ਬਾਕੀ ਸਾਰੇ ਉਠ ਕੇ ਚਲੇ ਗਏ ਪਰ ਬਿੱਕਰ ਤੇ ਪਾਸ਼ਾ ਓਥੇ ਹੀ ਬੈਠੇ ਰਹੇ। ਜਦੋ ਰਾਤ ਗੂੜੀ ਹੋ ਗਈ ਤਾ ਪੱਕੇ ਯਾਰ ਬਿਨਾ ਬੋਲੇ ਇਕ ਦੂਜੇ ਦੇ ਦਿਲ ਦੀ ਗੱਲ ਸਮਝ ਗਏ। ਬਿੱਕਰ ਬਾਹਰਲੀ ਬੈਠਕ ਚੋ ਗੰਡਾਸਾ ਚੱਕ ਲਿਆਇਆ ਤੇ ਪਾਸ਼ਾ ਖਾਲੀ ਹੱਥ ਹੀ ਮਗਰ ਤੁਰ ਪਿਆ। ਗੁਰੂ ਘਰ ਦੀ ਬਾਹਰਲੀ ਕੰਧ ਕੋਲ ਖੜੇ ਮੁਨੀ ਦਾਸ ਦੇ ਇਕ ਚੇਲੇ ਨੂੰ ਓਦੋ ਹੀ ਪਤਾ ਲੱਗਿਆ ਜਦੋਂ ਪਾਸ਼ੇ ਨੇ ਮਗਰੋ ਜਾ ਕੇ ਜੱਫਾ ਮਾਰ ਕੇ ਸਿੱਟ ਲਿਆ। ਚੀਖ ਵੀ ਨਾ ਨਿਕਲਣ ਦਿੱਤੀ ਤੇ ਪਿੰਡ ਆਲੀ ਫਿਰਨੀ ਤੇ ਸਵੇਰੇ ਲੋਥ ਹੀ ਮਿਲੀ। ਬਥੇਰਾ ਜ਼ੋਰ ਲਾਇਆ ਪਰ ਕੋਈ ਭਿਣਕ ਨਾਂ ਲੱਗੀ ਪੁਲਸ ਨੂੰ। ਦੂਜੇ ਪਾਸੇ ਸਾਰੀਆਂ ਜਾਤਾਂ ਦੇ ਮੋਹਤਬਾਰ ਬੰਦਿਆ ਦਾ ਕੱਠ ਕੀਤਾ ਗਿਆ। ਸੁਰਜਨ ਸਿੰਘ ਨੇ ਸਿਆਸਤ ਦੇ ਦਾਅ ਪੇਚ ਸਮਝਾਏ ਲੋਕਾਂ ਨੂੰ। ਹੁਣ ਨਿੱਤ ਸੁਰਜਨ ਸਿੰਘ ਦੇਬੂ ਝਿਓਰ ਤੇ ਤੇਜਾ ਘੁਮਿਆਰ ਲੋਕਾਂ ਦੇ ਘਰੋ ਘਰੀ  ਜਾਂਦੇ ਤੇ ਲੋਕਾਂ ਨੂੰ ਮੁਨੀ ਦਾਸ ਦੀਆਂ ਕਰਤੂਤਾਂ ਬਾਰੇ ਦੱਸ ਦੇ। ਹੁਣ ਪਿੰਡ ਦੇ ਲੋਕਾਂ ਨੂੰ ਵੀ ਅਸਲ ਗੱਲ ਦੀ ਸਮਝ ਆ ਗਈ। ਮਤਾ ਪੈ ਗਿਆ ਤੇ ਗੁਰੂਘਰ ਅਖੰਡ ਪਾਠ ਕਰਨ
ਦਾ ਫੈਸਲਾ ਹੋਇਆ ਤੇ ਨਾਲ ਹੀ ਮੁਨੀ ਦਾਸ ਨੂੰ ਪਿੰਡ ਚੋ ਕੱਡਣ ਦਾ। ਭੋਗ ਆਲਾ ਦਿਨ ਆ ਗਿਆ। ਸਾਰਾ ਪਿੰਡ ਰਲ ਕੇ ਸੇਵਾ ਕਰ ਰਿਹਾ ਸੀ। ਸੁਰਜਨ ਸਿੰਘ, ਦੇਬੂ ਝਿਓਰ ਦਾ ਪਿਓ ਬੰਤ ਤੇ ਮਜ੍ਹਬੀ ਸਿਖਾਂ ਦਾ ਹਰਨਾਮ ਰਲ ਕੇ ਬਾਬੇ ਫਰੀਦ ਦੇ ਸਲੋਕ ਪੜਨ  ਲੱਗ ਗਏ  ਜਾਪੇ ਜਿਵੇਂ ਹਵਾ ਵਿਚ ਕਿਸੇ ਨੇ ਸ਼ਹਿਦ ਹੀ ਘੋਲ ਦਿੱਤਾ ਹੋਵੇ। ਮੁਨੀ ਦਾਸ ਤੋ ਇਹ ਜਰਿਆ ਨਾ ਗਿਆ। ਓਹ ਭੋਰੇ ਚੋ ਬਾਹਰ ਆ ਕੇ ਟੋਕਨ ਲੱਗ ਗਿਆ। ਖੀਰ ਆਲੇ ਕੜਾਹੇ ਚ ਖੁਰਚਣਾ ਮਾਰ ਰਹੇ ਪਾਸ਼ੇ ਨਾਲ ਬਹਿਸ ਪਿਆ। ਰੋਲਾ ਰੱਪਾ ਪੈਣ ਲੱਗੇ ਚ ਜਦੋ ਪਿੰਡ ਮੁਨੀ ਦਾਸ ਦੇ ਗਲ ਪੈਣ ਲੱਗਿਆ ਤਾ ਮੁਨੀ ਦਾਸ ਦੇ ਬੰਦਿਆ ਨੇ ਗੋਲੀ ਚਲਾ ਦਿੱਤੀ। ਪਾਸ਼ੇ ਨੇ ਚੁਰ ਵਿਚੋ ਬਲਦੀ ਹੋਈ ਲੱਕੜ ਕੱਡ  ਲਈ ਤੇ ਜਿਵੇਂ ਹੀ ਮੁਨੀ ਦਾਸ ਕੰਨੀ ਹੋਣ ਲੱਗਿਆ ਤਾ ਅੱਗੋ ਮੁਨੀ ਦਾਸ ਨੇ ਡੱਬ ਚੋ ਪਿਸਤੋਲ ਕੱਡ  ਕੇ ਪਾਸ਼ੇ ਵੱਲ ਗੋਲੀ ਚਲਾ ਦਿੱਤੀ। ਪਾਸ਼ਾ ਓਥੇ ਹੀ ਨਿਢਾਲ ਹੋ ਕੇ ਡਿੱਗ ਪਿਆ। ਏਨੇ ਚਿਰ ਨੂੰ ਬਿੱਕਰ ਅੰਦਰ ਮਹਾਰਾਜ ਦੇ ਸਰੂਪ ਅੱਗੇ ਰੱਖੇ ਹਥਿਆਰਾਂ ਚੋਂ ਕਿਰਪਾਨ ਚੱਕ ਲਿਆਇਆ ਤੇ ਕਾਹਲੀ ਨਾਲ ਏਹੋ ਜਾ ਵਾਰ ਕੀਤਾ ਕੇ ਸਣੇ ਪਿਸਤੋਲ ਮੁਨੀ ਦਾਸ ਦੀ ਬਾਂਹ ਧੜ ਨਾਲੋ ਅੱਡ ਹੋ ਕੇ ਡਿੱਗ ਪਈ। ਮੁਨੀ ਦਾਸ ਦੇ ਬੰਦੇ ਭੱਜ ਗਏ ਪਰ ਭੱਜੇ ਜਾਂਦੇ ਇੱਕ ਨੇ ਬਿੱਕਰ ਵਾਲ ਫੈਰ ਕਰ ਦਿੱਤਾ। ਬਿੱਕਰ ਨੇ ਥੋੜੇ ਸਮੇਂ ਲਈ ਮੌਤ ਤੋ ਵੀ ਮੋਹਲਤ ਲੈ ਲਈ ਤੇ ਤੜਫਦੇ
ਹੋਏ ਮੁਨੀ ਦੱਸ ਦੀ ਹਿੱਕ  ਚੋ ਕਿਰਪਾਨ ਆਰ ਪਾਰ ਕਰ ਦਿੱਤੀ। ਆਵਦੇ ਆਪ ਨੂੰ ਸੰਭਾਲ ਦਾ ਬਿੱਕਰ ਪਾਸ਼ੇ ਦੀ ਲੋਥ ਕੋਲ ਕੰਧ ਦਾ ਸਹਾਰਾ ਲਾ ਕੇ ਬਹਿ ਗਿਆ। ਓੁਹਦਾ ਸਿਰ ਆਵਦੀ ਝੋਲੀ ਵਿਚ ਰੱਖਦਾ ਬੋਲਿਆ ਦੇਖ ਪਾਸ਼ੇ ਓਏ ਸਾਰਾ ਤੂਤਾਂ ਆਲਾ ਕੱਠਾ ਹੋਇਆ ਪਿਆ ਅੱਜ। ਓਹ ਦੇਖ ਅੱਜ ਕੋਈ ਰੋਲਾ ਨੀ ਜਾਤਾਂ ਪਾਤਾਂ ਆਲਾ। ਐਨਾ ਬੋਲਦਾ ਬਿੱਕਰ ਵੀ ਪਿੰਡ ਨੂੰ ਅਲਵਿਦਾ ਕਹਿ ਗਿਆ। ਬਿੱਕਰ ਦਾ ਡੁੱਲ ਦਾ ਲਹੂ  ਪਾਸ਼ੇ ਦੀ ਲੋਥ ਚੋ ਵੱਗ ਦੇ ਲਹੂ  ਨਾਲ ਜਾ ਰਲਿਆ।  ਰਲੇ ਲਹੂ ਦਾ ਰੰਗ ਹੋਰ ਗੂੜਾ ਹੋ ਗਿਆ। ਓਨਾ ਹੀ ਗੂੜਾ  ਜਿੰਨਾ ਗੂੜਾ ਗੁਰੂਘਰ ਦੀ ਚਿੱਟੀ ਕੰਧ ਤੇ ਇਹ ਲਿਖਿਆ ਸੀ... 

        "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ"

BY: ਗੁਰਨੈਬ ਸਿੰਘ
SAHIT LAGRA
Instagram: @sahit_lagra
YOUTUBE: SAHIT LAGRA



ਹੱਡਬੀਤੀ Hadd Beeti

 SHORT STORY

ਸਕੂਲ ਤੋਂ ਆਉਂਦਿਆਂ ਹੀ ਮਾਤਾ ਚਾਹ ਨਾਲ ਰੋਟੀ ਫੜਾ ਦੇਂਦੀ ਸੀ । 
 ਅਖ਼ੀਰਲੀ ਘੁੱਟ ਚਾਹ ਦੀ ਅਜੇ ਗਲਾਸ ਚ ਹੀ ਹੁੰਦੀ ਸੀ ਤੇ ਮੱਝਾਂ ਦੇ ਸੰਗਲ ਕਿਲਿਆਂ ਤੋਂ ਲਾਹ ਵੀ ਦਿਤੇ ਜਾਂਦੇ ਸੀ । 
ਘਰੋਂ ਤੁਰਨ ਲੱਗਿਆਂ ਮੰਜੇ ਬੈਠੀ ਦਾਦੀ ਨੇ ਨਸੀਹਤ ਦੇਣੀ ਕੇ  ਧਿਆਨ ਨਾਲ ਰਹੀਂ...ਕਿਸੇ ਡੰਗਰ ਦੇ ਖੁਰ ਹੇਠ ਪੈਰ ਨਾ ਆ
ਜਾਵੇ ਤੇਰਾ ... ਫੜਨਾ  ਡੰਡਾ ਤੇ ਤੁਰ ਜਾ ਮਗਰ  , ਡੰਡਾ ਵੀ ਸਪੈਸ਼ਲ ਤਿਆਰ ਕੀਤਾ ਹੁੰਦਾ ਸੀ , ਮੱਝਾਂ ਚਾਰਨ ਵਾਲਾ 
            ਜਦੋਂ ਤੁਰੇ ਜਾਂਦੇ ਡੰਗਰ ਬੇਗਾਨਾ ਹਰਿਆ ਦੇਖ ਮੂੰਹ ਮਾਰਨ ਲਈ ਜਰਾ ਜਿੰਨਾ ਵੀ ਪਾਸੇ ਨੂੰ ਹੁੰਦੇ ਤਾਂ ਹੱਥ ਵਿਚ ਫੜੀ ਸੋਟੀ ਹਰਕਤ ਵਿਚ ਆ
ਜਾਂਦੀ !
ਡੰਗਰ ਵੀ ਬੜੇ ਸਿਆਣੇ ਹੁੰਦੇ ਸਨ ਸੋਟੀ ਪੈਣ ਤੋਂ ਐਨ ਪਹਿਲਾਂ ਬੇਗਾਨੀ
ਚੱਰੀ ਦਾ ਇੱਕ ਚੰਗਾ ਸਾਰਾ ਰੁੱਗ ਭਰ ਹੀ ਲੈਂਦੇ ਹੁੰਦੇ ਸਨ !
     ਦੂਜਿਆਂ ਜੀਵਤ ਪ੍ਰਾਣੀਆਂ ਨੂੰ ਡੰਡੇ ਦੇ ਜ਼ੋਰ ਕੰਟਰੋਲ ਕਰਨ ਦੀ ਭਾਵਨਾ
ਸ਼ਾਇਦ ਬਚਪਨ ਤੋਂ ਹੀ ਦਿਮਾਗ ਵਿਚ ਵੜ ਗਈ ਸੀ ! ਮਿੱਟੀਓਂ
ਮਿੱਟੀ ਹੋਏ ਤੁਰੇ ਜਾਂਦਿਆਂ ਰਾਹ ਵਿਚ ਕਿਸੇ ਦੀ ਮੂਲ਼ੀ ਗੋਂਗਲੂ ਪੁੱਟ
ਕੋਲੋਂ ਲੰਘਦੀ ਪਾਣੀ ਦੀ ਆੜ ਵਿਚੋਂ ਧੋ ਕੇ ਖਾ ਲੈਣੀ ਤਾਂ ਕੋਈ ਗੁੱਸਾ
ਨਹੀਂ ਸੀ ਕਰਦਾ ਹੁੰਦਾ !
  ਦਿਨ ਢਲੇ ਜਦੋ ਘਰ ਲੈਕੇ ਆਉਣੇ ਤਾ ਪਤਾ ਲੱਗਣਾ ਇਕ ਦੇ ਗਲ ਚ ਸੰਗਲ ਹੀ ਹੈਣੀ , ਫੇਰ ਇਕ ਜੀਅ ਨੇ ਮੱਝ ਨੂੰ ਕੰਨ ਤੋਂ ਫੜ ਕੇ ਰੱਖਣਾ ਜਾਂ ਖੁਰਲੀ ਚ ਕੁਝ ਪਾਉਣਾ ਕੇ ਲਾਲਚ ਨਾਲ ਖੜ੍ਹੀ ਰਹੇ ਤੇ ਮੈਂ ਫੇਰ ਓਥੇ ਓਥੇ ਨਿਗਾਹ ਮਾਰ ਕੇ ਆਉਣੀ ਜਿਥੇ ਜਿਥੇ ਚਰਦੀਆਂ ਰਹੀਆਂ 96% ਸੰਗਲ ਲੱਭ ਹੀ ਜਾਂਦਾ ਹੁੰਦਾ ਸੀ ।
         ਓਦੋ ਕਿਹੜਾ ਮੋਬਾਈਲ ਹੁੰਦਾ ਸੀ  । ਟਾਈਮ ਪਾਸ ਕਰਨ ਲਈ ਚੱਪਲ ਲਾਹ ਕੇ ਮੱਝਾਂ ਤੇ ਬੈਠੀਆਂ ਵੱਡੀਆਂ ਵੱਡੀਆਂ  ਚਿੱਟੀਆਂ ਮੱਖੀਆਂ ਹੀ ਮਾਰੀ ਜਾਈਦੀਆਂ ਸੀ  
   ਵਧੀਆ ਟੈਮ ਹੁੰਦਾ ਸੀ ਉਹ ਵੀ ਇੰਨੇ ਵੱਡੇ ਵੱਡੇ ਫਿਕਰ ਤਾ ਨਈ ਹੁੰਦੇ ਸੀ , 2 ਟੈਮ ਦੀ ਰੋਟੀ ਦਾ ਤੇ ਜਾ ਸਕੂਲ ਵਾਲੇ ਟੈਸਟ ਦਾ ਹੀ ਫਿਕਰ ਹੁੰਦਾ ਸੀ । ਕੀ ਕਿਮੇਂ ਬਚਿਆ ਜਾਵੇ ਟੈਸਟ ਤੋਂ 
ਕਦੇ ਸੋਚਿਆ ਨਈ ਸੀ ਆਹ ਦਿਨ ਵੀ ਦੇਖਾਂਗੇ 
ਖੂਹ ਦੇ ਡੱਡੂ ਵਾਗ ਉਸ ਜ਼ਿੰਗਦੀ ਨੂੰ ਹੀ ਬਹੁਤ ਵਧੀਆ ਸਮਝਦੇ ਸੀ ।
 ਸੋਚਦੇ ਹੀ ਇਥੇ ਹੀ ਹਾਲਾਤਾਂ ਨਾਲ ਲੜਦੇ ਲੜਦੇ ਤੁਰ ਜਾਵਾਗੇ ਜਹਾਨ ਤੋਂ 
 ਹੁਣ ਤਾ ਬਹੁਤ ਕੁਝ ਦਿੱਤਾ ਏ ਮਾਲਕ ਦਾ ਜੋ ਕਦੇ ਸੋਚਿਆ ਵੀ ਨਈ ਸੀ ।
        ਪਾਟੇ ਹੋਏ ਪੱਲੇ ਨੂੰ ਸਤਾਰੇ ਸੱਜੇ ਹੋਏ ਨੇ 
        ਤੂੰ ਇਨਾ ਦਿੱਤਾ ਪਾਤਸ਼ਾਹ ਨਜ਼ਾਰੇ ਬੱਜੇ ਹੋਏ ਨੇ
BY: ਕਾਰਜ ਸਿੰਘ ਅਰਾਈਆਂ ਵਾਲਾ

PREMJEET SINGH NAINEWALIA 2

  Premjeet Singh Nainewalia ਵੇਲੇ ਚੰਗੇ ਸੀ, ਗੱਭਰੂ ਖੁਰਾਕਾਂ ਖਾਕੇ ਡੰਡ ਮਾਰਦੇ ਜਾਂ ਖੇਤੀ ਬੰਨੇ ਜਾਂਦੇ, ਜੋਧਾ, ਘੀਚਰ ਤੇ ਗੁੱਲੇ ਦੀ ਤਿੱਕੜੀ ਪਿੰਡਾਂ ਚ ਮਸ਼ੂਰ ਸੀ, ...