Thursday, August 20, 2020

PREMJEET SINGH NAINEWALIA 2

 Premjeet Singh Nainewalia

ਵੇਲੇ ਚੰਗੇ ਸੀ, ਗੱਭਰੂ ਖੁਰਾਕਾਂ ਖਾਕੇ ਡੰਡ ਮਾਰਦੇ ਜਾਂ ਖੇਤੀ ਬੰਨੇ ਜਾਂਦੇ, ਜੋਧਾ,
ਘੀਚਰ ਤੇ ਗੁੱਲੇ ਦੀ ਤਿੱਕੜੀ ਪਿੰਡਾਂ ਚ ਮਸ਼ੂਰ ਸੀ, ਓਦੋਂ ਚੋਰ ਡਾਕੂ ਆਉੰਦੇ,
ਏਹਨਾਂ ਨੇ ਸੰਦ ਘੀਚਰ ਆਲੀ ਮੋਟਰ ਤੇ ਲਕੋਏ ਹੁੰਦੇ, ਪੱਕੀ ਠਾਹਰ ਸੀ
ਘੀਚਰ ਦੀ ਮੋਟਰ, ਕਿਸੇ ਮੇਲੇ ਜਾਣਾ ਤਾਂ ਓਥੋਂ ਘਰ ਦੀ ਦਾ ਹਾਅੜਾ ਲਾਲੇ
ਜਾਣਾ, ਆਕੇ ਫੇਰ ਆਥਣੇ ਮੋਟਰ ਤੇ, ਰਾਤ ਦੇ ਪਿਛਲੇ ਪਹਿਰ ਤੀਕ ਹੀਰ
ਦੀਆਂ ਕਲੀਆਂ ਗੂੰਜਦੀਆਂ, ਟਿਕੀ ਰਾਤ ਚ ਦੋ ਪਿੰਡਾਂ ਦੀ ਜੂਹ ਨੂੰ ਹੇਕ
ਸਲਾਮ ਕਰਕੇ ਮੁੜਦੀ, ਜੋਧਾ ਤੂੰਬੀ ਸੋਹਣਿ ਵਜਾਉੰਦਾ, ਓਹਨੇ ਪੱਕੇ ਸੁੱਕੇ
ਕੱਦੂ ਚ ਦੀ ਡੰਡਾ ਲੰਘਾ ਕੇ ਤਾਰ ਬੰਨ ਤੂੰਬੀ ਬਣਾਈ ਹੁੰਦੀ,
ਓਹਨਾਂ ਨੇ ਮੋਟਰ ਦੀ ਕੰਧ ਖੁਰਚਕੇ ਲਿਖ ਛੱਡਿਆ ਸੀ
"ਜੋਧਾ ਘੀਚਰ ਗੁੱਲਾ"
ਘੀਚਰ ਦੀ ਮੋਟਰ ਤਿੱਕੜੀ ਅੰਗੂ ਏਰੀਏ ਚ ਮਸ਼ਾਹੂਰ ਸੂੀ,
ਕਿਸੇ ਵੱਡੇ ਸ਼ਾਹੂਕਾਰ ਜਾਂ ਟੁੰਡੀਲਾਟ ਦੀ ਹਿੰਮਤ ਨਾ ਹੁੰਦੀ ਕਿ ਬਿਨਾਂ ਦੱਸੇ
ਪੁੱਛੇ ਆ ਬਹੁੜੇ, ਪਿੰਡੋਂ ਹੋਰ ਜੁਆਨ ਵੀ ਆ ਬਹਿੰਦੇ ਤੇ ਜੂਥ ਕਲੱਬ ਦੇ
ਫੈਸਲੇ ਲਏ ਜਾਂਦੇ, ਜਦੋਂ ਗੁੱਲੇ ਨੇ ਰੇਡ ਤੇ ਪੈਂਟ ਲੈਕੇ ਥਾਪੀ ਮਾਰਨੀ,
ਘੀਚਰ ਤੇ ਜੋਧੇ ਨੇ ਹੇਕ ਮਲਾਕੇ ਆਖਣਾ
"ਗੁੱਲਾ ਹਵਾ ਦਾ ਬੁੱਲਾ ਗੁੱਟ ਨਾ ਦਿੰਦਾ ਬਗਾਨੇਆਂ ਨੂੰ..."
ਟੂਰਨਾਮੈਂਟ ਤੇ ਪਿੰਡਾਂ ਦੇ ਕੱਠ ਨੇ ਜੋਧੇ ਨੂੰ ਹੱਥਾਂ ਤੇ ਚੱਕ ਲੈਣਾ
ਪੰਜਾਬ ਦਾ ਦੌਰ ਇੱਕੇ ਲਖਤ ਬਦਲਿਆ ਸੀ,
ਆਥਣ ਹੋਣ ਸਾਰ ਪਿੰਡ ਸੁੰਨੇ ਹੋ ਜਾਂਦੇ, ਨਾ ਖੇਡ ਮੇਲੇ ਨਾ ਖਾੜੇ,
ਨਾ ਬਰਾਤਾਂ ਵਿਆਹ ਨਾ ਲੌਡ ਸਪੀਕਰ,
ਨੰਬਰ ਪਲੇਟਾਂ ਤੇ ਰੰਗ ਮਾਰ ਪੰਜਾਬੀ ਚ ਲਿਖੀਆਂ ਗਈਆਂ,
ਖੇਤਾਂ ਚ ਕਮਾਦ ਇੱਖ ਬੀਜਣ ਦੇ ਹੁਕਮ ਹੋਏ,
ਜਿਹੜੇ ਘਰੇ ਜਿਹੜਾ ਵੀ ਸਾਧਨ ਆ ਓਹਦੀ ਟੈਂਕੀ ਤੇਲ ਦੀ ਫੁੱਲ ਕਰਕੇ
ਮੂੰਹ ਬੀਹੀ ਆਲੇ ਬਾਰ ਕੰਨੀ ਕਰ ਚਾਬੀ ਵਿੱਚ ਹੋਣ ਦੇ ਹੁਕਮ ਆਏ,
ਏਹੋ ਜੀ ਰਾਤ ਕਲੈਹਣੀ ਸੀ ਓਹ ਵੀ ਜੋਧੇ ,ਘੀਚਰ ਤੇ ਗੁੱਲੇ ਨੂੰ ਪੁਲਸ
ਮੋਟਰ ਤੋਂ ਚਾਕੇ ਲੈਕੇ ਗਈ, ਕਈ ਮੀਹਨੇ ਕੋਈ ਸੁੱਭ ਨਾ ਮਿਲੀ,
ਪਿੰਡੋਂ ਬਾਹਰ ਡਰੇਨ ਦੀਆਂ ਤਖਾਨਾਂ ਚੋਂ ਤਿੰਨ ਸਰੀਰ ਮਿਲੇ ,
ਆਵਦੇ ਜਾਣੀ ਤਿੰਨਾਂ ਨੂੰ ਮਾਕਰੇ ਸਿੱਟਕੇ ਗਏ ਸੀ ਪਰ ਘੀਚਰ ਦੇ ਸਾਹ
ਚਲਦੇ ਸੀ, ਪਿੰਡ ਆਲੇਆਂ ਨੇ ਕਿਸੇ ਹਸਪਤਾਲ ਲਜਾਣੋਂ ਪਿੰਡ ਓਹਦੇ
ਘਰੇ ਈ ਦਵਾ ਦਾਰੂ ਸ਼ੁਰੂ ਕੀਤੀ, ਕਈ ਸਾਲਾਂ ਬਾਅਦ ਓਹ ਤੁਰਨ
ਲੱਗਿਆ ਪਰ ਮਸਾਂ ਮਸਾਂ , ਸੱਟਾਂ ਗੁੱਝੀਆਂ ਸੀ ਹੱਡਾਂ ਦੀਆਂ, ਕਿਤੇ ਪੁਰੇ
ਦੀ ਵਾਅ ਚਲਦੀ ਤਾਂ ਅੰਗ ਅੰਗ ਚੋਂ ਚੀਸਾਂ ਤੇ ਸੇਕ ਨਿੱਕਲਦਾ, ਜਮਾਨਾ
ਬਦਲ ਗਿਆ ਸੀ, ਟੂਰਨਾਮੈਂਟ ਹੁਣ ਵੀ ਹੁੰਦੇ ਪਰ ਸਟੇਜ ਤੇ ਲੀਡਰਾਂ ਦੇ
ਚਮਚੇ ਖੌਰੂ ਵੱਧ ਪਾਉੰਦੇ, ਖਿਡਾਰੀ ਵੀ ਨਸ਼ੇ ਵਰਤਕੇ ਖੇਡਦੇ, ਲੜਾਈ
ਹਰੇਕ ਖੇਡ ਮੇਲੇ ਹੁੰਦੀ, ਘੀਚਰ ਜਾਦੇ ਡੇਰੇ ਈ ਰਹਿੰਦਾ, ਹੁਣ ਓਹਦਾ
ਪਿੰਡ ਜੀ ਨਾ ਲਗਦਾ, ਕਿਉੰ ਓਹਦੇ ਨਾਲਦੀ ਜੁਆਨੀ ਦਾ ਤਾਂ ਘਾਣ
ਹੋ ਚੁੱਕਿਆ ਸੀ, ਨਮੇ ਨਿਆਣੇਆਂ ਨੂੰ ਘੀਚਰ ਦੀ ਉਮਰ ਦੇ ਬਜੁਰਗ
ਤਿੱਕੜੀ ਦੀਆਂ ਕਹਾਣੀਆਂ ਸੁਣਾਉੰਦੇ, ਘੀਚਰ ਨੇ ਡੇਰੇ ਦਾ ਡੰਗਰ ਚਾਰਦੇ
ਨੇ ਟਿੱਬੇਆਂ ਤੇ ਫਿਰਦੇ ਰਹਿਣਾ, ਓਹਨੇ ਡਾਂਗ ਨੂੰ ਮੋਢੇਆਂ ਤੋਂ ਦੀ ਕਰ
ਦੋਹੇਂ ਹੱਥ ਉੱਤੋਂ ਦੀ ਲਮਕਾਏ ਹੋਣੇ, ਇੱਕ ਬੋਹਝਾ ਓਹਦੀ ਬਾਂਹ ਚ ਹੁੰਦਾ
ਮੈਲਾ ਜਾ, ਜੀਹਦੇ ਚ ਚਾਹ ਦਾ ਰਾਸ਼ਨ ਪਾਣੀ ਹੁੰਦਾ ਮਾੜਾ ਮੋਟਾ, ਜਦੋਂ
ਕਿਤੇ ਓਹਨੂੰ ਸਕੂਲ ਦੇ ਗਰੌੰਡ ਚੋਂ ਬੜੀ ਮੱਧਮ ਜੀ ਬਾਜ ਸੁਣਨੀ ਕਿ ਪੈਂਟ
ਰੇਡਰ ਦਾ, ਤਾਂ ਗੀਚਰ ਨੇ ਬੱਗ ਮਗਰ ਤੁਰੇ ਜਾਂਦੇ ਨੇ ਇੱਕ ਟਕ ਸਿੱਧਾ
ਦੇਖੀ ਜਾਣਾ ਤੇ ਆਪ ਮੁਹਾਰੇ ਮੂੰਹ ਚ ਬੋਲੀ ਜਾਣਾ
"ਗੁੱਲਾ ਹਵਾ ਦਾ ਬੁੱਲਾ ਗੁੱਟ ਨਾ ਦਿੰਦਾ ਬਗਾਨੇਆਂ ਨੂੰ..."
ਜਖਮ ਰਿਸਦੇ ਰਿਸਦੇ ਜਾਨ ਦਾ ਖੌਅ ਬਣਗੇ ਸੀ,
ਘੀਚਰ ਨੂੰ ਵੀ ਕਾਹਲੀ ਸੀ ਕਿਹੜੇ ਵੇਲੇ ਆਪਣੇ ਜੁੰਡੀ ਦੇ ਯਾਰਾਂ ਕੋਲੇ
ਜਾਂਵਾਂ, ਓਸ ਦਿਨ ਓਹ ਦਿਨ ਦੇ ਛਪਾਅ ਨਾਲ ਪਿੰਡੋਂ ਨਿੱਕਲ ਗਿਆ ਸੀ
ਸੈਂਕਲ ਤੇ, ਜਗੀਰੇ ਬੁੜੇ ਤੋਂ ਓਹਨੇ ਦੋ ਬਤੋਲਾਂ ਨੇਫੇ ਦੇਲੀਆ ਸੀ,
ਕਈ ਸਾਲਾਂ ਤੋਂ ਮੋਟਰ ਉਜਾੜ ਸੀ, ਪਿੰਡ ale ਵਲੈਤ ਜਾਂ ਸ਼ਹਿਰੀ
ਬਾਗੇ ਸੀ, ਖੇਤੀ ਪਛੜਗੀ ਸੀ, ਘੀਚਰ ਰਾਤ ਹੋਣ ਸਾਰ ਪੂਲੇਆਂ ਤੇ
ਸਰਕੰਡੇਆਂ ਚੋਂ ਲੰਘਦਾ ਮੋਟਰ ਤੇ ਜਾ ਬੈਠਾ, ਪਹਿਲੀ ਬੋਤਲ ਮੁਕਾ ਕੇ
ਓਹ ਉੱਚੀ ਉੱਚੀ ਰੋਇਆ, ਚੀਕਾਂ ਦੂਜੀ ਪਿੰਡ ਦੀ ਜੂਹ ਨੂੰ ਟੋਹਕੇ
ਮੁੜਦੀਆਂ ਸੀ, ਦੂਜੀ ਅੱਧੀ ਬੋਤਲ ਬਾਅਦ ਜਿਮੇ ਓਹਨੂੰ ਕੋਈ ਚਾਅ
ਚੜ ਗਿਆ ਸੀ, ਓਹਨੇ ਕਮਲੇਆਂ ਅੰਗੂ ਮੋਟਰ ਦੀ ਕੰਧ ਖੁਰਚਣੀ ਸ਼ੁਰੂ
ਕਰਤੀ, ਤੜਕੇ ਹੋਣ ਸਾਰ ਪਿੰਡ ਹੋਕਾ ਆ ਗਿਆ ਸੀ,
ਮੋਟਰ ਦੇ ਕੋਠੇ ਦੁਆਲੇ ਪਿੰਡਾਂ ਦਾ ਕੱਠ ਸੀ, ਜੰਗਾਲੇ ਬੈਂਡ ਨਾਲ ਸੈਂਕਲ
ਖੜਾ ਸੀ, ਇੱਕ ਖਾਲੀ ਤੇ ਇੱਕ ਅੱਧੀ ਬੋਤਲਾਂ ਪਈਆਂ ਸੀ,
ਕੰਧ ਦੀ ਜੜ ਚ ਇੱਟਾਂ ਤੇ ਸਮਿੰਟ ਦੇ ਭੁਰੇ ਹੋਏ ਬੂਰੇ ਚ ਘੀਚਰ ਚੌਫਾਲ
ਲੰਮਾ ਪਿਆ ਸੀ, ਕੰਧ ਤੇ ਉੱਤੇ ਹਲਕਾ ਪੁਰਾਣਾ ਤੇ ਥੱਲੇ ਤਾਜਾ ਗੂਹੜਾ
ਉੱਕਰਿਆ ਸੀ "
"ਜੋਧਾ ਘੀਚਰ ਗੁੱਲਾ"
ਏਥੇ ਹੁੰਦੇ ਸੀ

SAHIT LAGRA
Instagram: @sahit_lagra
Youtube: SAHIT LAGRA

PREMJEET SINGH NAINEWALIA 2

  Premjeet Singh Nainewalia ਵੇਲੇ ਚੰਗੇ ਸੀ, ਗੱਭਰੂ ਖੁਰਾਕਾਂ ਖਾਕੇ ਡੰਡ ਮਾਰਦੇ ਜਾਂ ਖੇਤੀ ਬੰਨੇ ਜਾਂਦੇ, ਜੋਧਾ, ਘੀਚਰ ਤੇ ਗੁੱਲੇ ਦੀ ਤਿੱਕੜੀ ਪਿੰਡਾਂ ਚ ਮਸ਼ੂਰ ਸੀ, ...