ਚੇਤੇ ਬੁੜੇ ਦਾ ਸਿਵਾ ਪੂਰੇ ਜੋਬਨ ਤੇ ਮੱਚ ਰਿਹਾ ਸੀ, ਪਰ ਪੁਰਾਣੇ ਹੱਡ ਖਣੀ
ਚੀਹੜੇ ਬਾਹਲੇ ਸੀ, ਖਣੀ ਤਾਂਹਾਂ ਤੋਂ ਰੱਬ ਵੀ ਆਂਹਦਾ ਸੀ ਬੀ ਬਾਬੇ ਨੂੰ ਘੜੀ
ਦੋ ਘੜੀ ਹੋਰ ਰਹਿਣ ਦਿਓ ਏਸੇ ਪਿੰਡ ਦੀ ਜੂਹ ਚ, ਪਿੰਡ ਨਾਲ, ਪਿੰਡ ਦੇ
ਲੋਕਾਂ ਨਾਲ, ਦਰੱਖਤਾਂ ਨਾਲ, ਕੱਚੇ ਪੱਕੇ ਰਾਹਵਾਂ ਨਾਲ, ਆਲੇ ਦੁਆਲੇ
ਨਾਲ, ਚੇਤੇ ਦਾ ਅੰਤਾਂ ਦਾ ਮੋਹ ਸੀ, ਸਿਵੇ ਦੇ ਇੱਕ ਖੂੰਜੇ ਖੜੇ ਚੇਤੇ ਦੇ
ਲੰਗੋਟੀਏ ਯਾਰ, ਵਲੈਤੋਂ ਸਪੈਸ਼ਲ ਆਏ ਸੀ, ਨਹੀਂ ਕੋਈ ਵਲੈਤੀਆ ਗਰਮੀ
ਰੁੱਤੇ ਪੰਜਾਬ ਕੰਨੀ ਮੂੰਹ ਨੀ ਕਰਦਾ, ਓਹ ਕੱਠ ਤੋਂ ਦੂਰ ਡੰਗਰਾਂ ਆਲੇ
ਹਸਪਤਾਲ ਦੀ ਕੰਧ ਆਲੀ ਪਹਾੜੀ ਕਿੱਕਰ ਹੇਠਾਂ ਖੜੇ ਉੱਡਦੇ ਪਤੰਗਿਆਂ
ਨੂੰ ਦੇਖ ਰਹੇ ਸੀ, ਅਰਜਣ ਗਰੇਆਲ ਨੇ ਖੰਘਾਰ ਥੁੱਕਿਆ ਤੇ ਭਰਿਆ ਗੱਚ
ਗਾਂਹਾਂ ਕਰ ਬੋਲਿਆ....ਕੰਜਰਦਾ ਪੁੱਤ ਪਹਿਲਾ ਨੰਬਰ ਈ ਲੈ ਗਿਆ,
ਆਂਹਦਾ ਹੁੰਦਾ ਆਓ ਲੈ ਚੱਲੀਏ, ਤੇਰੇ ਯਾਦ ਆ ਗਿੱਲਾ, ਇਹ ਬਠਿੰਡੇ
ਆਲੇ ਸੰਧੂ ਕੋਲੇ ਰੋਡਵੇਜ ਦੇ ਦਫਤਰ ਜਾਂਦਾ ਹੁੰਦਾ ਦੋ ਚਾਰ ਮੀਹਨੇ ਬਾਅਦ....
ਚੇਤ ਪਿੰਡੋਂ ਬਾਹਰ ਘੱਟ ਈ ਨਿੱਕਲਦਾ, ਜਾਂਦਾ ਤਾਂ ਬਠਿੰਡੇ ਲਾਗੇ ਵਿਆਹੀ
ਕੁੜੀ ਨੂੰ ਸ਼ਗੁਨ ਦੇਕੇ ਤੇ ਸੁੱਖ ਸਾਂਦ ਪੁੱਛ ਆਥਣੇ ਸੰਧੂ ਦੇ ਕੁਆਟਰ ਜਾ ਡੇਰੇ
ਲਾਉਣੇ, ਚੇਤੇ ਨੇ ਜਾਣ ਲੱਗੇ ਨੇ ਗਰੇਆਲ ਤੇ ਗਿੱਲ ਨੂੰ ਕਾਲਜ ਜਾਂਦਿਆਂ
ਸੁਲਾਹ ਮਾਰਨੀ..ਆਓ ਲੈ ਚੱਲੀਏ....ਓਹ ਤੂੰ ਜਾਹ ਭਰਾਵਾ....ਅਸੀਂ ਪੋਥੀਆਂ
ਪੜਾਂਗੇ ਤੇ ਕਨੇਡੇ ਜਾਵਾਂਗੇ......ਗਿੱਲ ਨੇ ਗਰੇਆਲ ਦੇ ਹੁੱਜ ਮਾਰ ਚੇਤ ਨੂ
ਟੌਂਚ ਲਾਉਣੀ.....
ਚੇਤ ਨੇ ਜਾਂਦੇ ਜਾਂਦੇ ਹੱਥ ਖੜਾ ਕਰ ਜਾਣਾ ਨਾਲ ਆਖ ਜਾਣਾ...
ਜੇਬ ਕੌਡੀ ਆਲੇ ਜਾਂਦੇ ਆ ਕਨੇਡਾ, ਬਠਿੰਡੇ ਬਾਈ ਫੱਕਰ ਜਾਂਦੇ ਆ.......
ਓਧਰ ਸੰਧੂ ਨੂੰ ਪਿੰਡੋਂ ਚੇਤ ਦੇ ਆਉਣ ਦਾ ਤੀਆਂ ਜਿੰਨਾ ਚਾਅ ਹੁੰਦਾ, ਓਹਨੇ
ਕੌਡੀ ਬਾਡੀ ਆਲਿਆ ਮਾਗੂੰ ਚੇਤ ਨੂੰ ਜੱਫਾ ਪਾ ਮਿਲਨਾ ਤੇ ਸਟੂਲ ਤੇ ਰੂੜੀ
ਮਾਰਕਾ ਦੀ ਬੋਤਲ ਆਂਏਂ ਕੱਢ ਕੇ ਰੱਖ ਦੇਣੀ ਜਿਮੇ ਮਦਾਰੀ ਝੋਲੇ ਚੋਂ ਝੁਰਲੂ
ਕੱਢਦਾ ਹੁੰਦਾ, ਕੱਚੀ ਲਾਹਣ ਦੀ ਬੋਤਲ ਚੇਤ ਤੇ ਸੰਧੂ ਕੰਨੀ ਉੱਲੂ ਮਾਗੂੰ
ਝਾਕਦੀ,
ਪਿੰਡ ਮੁੜਦੇ ਨੇ ਓਹਨੇ ਸੰਧੂ ਨੂੰ ਸੁਲਾਹ ਮਾਰਨੀ..
ਆਓ ਲੈ ਚੱਲੀਏ...
ਵਿਸਾਖੀ ਤੇ ਆਂਉੰ ਚੇਤ ਸਿਆਂ ਪਿੰਡ......
ਆਖ ਸੰਧੂ ਨੇ ਵਿਸਲ ਮਾਰਨੀ ਤੇ ਪਟਿਆਲਾ ਰੋਡਵੇਜ ਨੇ ਟੈਰਾਂ ਹੇਠੋਂ ਮਿੱਟੀ
ਕੱਢਣੀ....
ਸਿਵਾ ਬਲ ਚੁੱਕਿਆ ਸੀ..ਪਿੰਡ ਆਲੇ ਵੀ ਘਰੀਂ ਮੁੜਗੇ ਸੀ...
ਖੜੇ ਸੀ ਤਾਂ ਪੁਰਾਣੇ ਗਮਖਾਰ ਤੇ ਜੋਟੀ ਦਾਰ....
ਗਿੱਲ ਤੇ ਗਰੇਆਲ ਜਦੋਂ ਸੰਧੂ ਨੂੰ ਜੱਫੀ ਪਾਕੇ ਮਿਲੇ ਸੀ ਓਹਨਾਂ ਨੂੰ ਆਵਦੇ
ਪਾਏ ਕੋਟ ਪੈਂਟਾਂ ਤੇ ਲੱਗਿਆ ਸੈਂਟ ਮੁਸ਼ਕ ਮਾਰਦਾ ਲੱਗਿਆ, ਸੰਧੂ ਦੇ ਪਿੰਡੇ
ਚੋਂ ਆਉੰਦੀ ਮੁੜਕੇ ਦੀ ਹੌਂਕ ਓਹਨਾਂ ਨੂੰ ਮਿੱਠੀ ਮਿੱਠੀ ਲੱਗੀ.....
ਉਮਰਾਂ ਈ ਲੰਘਾਤੀਆਂ ਬਾਈ ਮੁੜਕੇ ਆਏ ਈ ਨੀ....
ਸੰਧੂ ਨੇ ਗਿੱਲ ਤੇ ਗਰੇਆਲ ਨੂੰ ਉਲਾਂਭਾ ਦਿੱਤਾ....
ਓਹਨਾਂ ਦਾ ਜੀ ਕਰਦਾ ਸੀ...ਕੋਟ ਪੈਂਟ ਲਾਹਕੇ ਸਿੱਟ ਦੇਣ ਤੇ ਰੇਤੇ ਦੇ ਬੁੱਕ
ਚੱਕ ਚੱਕ ਸਿਰ ਚ ਪਾਉਣ, ਕਾਲੀ ਮਿੱਟੀ ਚ ਤੂੜੀ ਰਲਾਕੇ ਕੀਤੀ ਘਾਣੀ
ਚ ਲਿਟਣ.....
ਕੇਰਾਂ ਯਾਦ ਆ..ਗਿੱਲ ਸਿਵੇ ਦੀ ਉੱਡਦੀ ਸੁਆਹ ਕੰਨੀ ਝਾਕਦਾ ਈ
ਬੋਲਿਆ ਸੀ.....ਇਹ ਖਲ ਦੀ ਬੋਰੀ ਲੈਣ ਸ਼ਹਿਰ ਚੱਲਿਆ ਸੀ..ਆਪਾਂ ਬੱਸੋਂ
ਉੱਤਰੇ ਸੀ..ਸਾਲਾ ਆਂਹਦਾ ਆਓ ਲੈ ਚੱਲੀਏ...ਸੰਧੂ ਤੇ ਗਰੇਆਲ ਥੋੜਾ ਹੱਸੇ
ਸੀ..ਆਹੋ, ਮੈਂ ਕਿਹਾ ਮੇਰਿਆ ਸਾਲਿਆ ਸੜਿਆ ਜਾ ਸੈਂਕਲ ਆ ਤੇਰੇ ਕੋਲੇ
ਏਹੇ ਜਹਾਜ ਆ, ਫੇਰ ਅਖੇ ਜੇਬਾਂ ਆਲੇ ਬਹਿੰਦੇ ਆ ਜਹਾਜ ਚ, ਸੈਂਕਲ
ਸੁਆਰੀ ਸ਼ਾਹਾਂ ਦੀ...ਤਿੰਨੇ ਹੁੰਝੂਆਂ ਚ ਵੀ ਹੱਸੇ ਸੀ..ਤੇ ਜਾਣ ਵਾਲੇ ਨੂੰ
ਆਖਰੀ ਸੁਲਾਹ ਮਾਰ ਪਿੰਡ ਨੂੰ ਮੁੜੇ ਸੀ.....ਜਿਵੇਂ ਕੋਈ ਹਵਾ ਦਾ ਬੁੱਲਾ
ਵਗਿਆ ਹੋਵੇ...ਸਿਵੇ ਦੀ ਸੁਆਹ ਜਿਵੇਂ ਬੁੱਕ ਭਰ ਉੱਡੀ ਹੋਵੇ....
ਤਿੰਨੇ ਪਿੱਛੇ ਮੁੜ ਇੱਕੇ ਲਖਤ ਝਾਕੇ ਸੀ..ਜਿਵੇਂ ਕਿਸੇ ਨੇ ਹਾਕ ਮਾਰੀ ਹੋਵੇ....
ਆਓ ਲੈ ਚੱਲੀਏ........
WRITTEN BY: PREMJEET SINGH NAINEWALIA
Facebook: Premjeet Singh Nainewalia
SOURCE: | ਪਹੁ ਫ਼ੁਟਾਲੇ ਵਰਗੀਆਂ ਲਿਖ਼ਤਾਂ |
SAHIT LAGRA
Instagram: @sahit_lagra
Youtube: Sahit Lagra